ਪ੍ਰਸ਼ਨ : ਸਾਡੀਆਂ ਦੋ ਬੇਟੀਆਂ ਹਨ ਅਤੇ ਅਸੀਂ ਮੁੰਡਾ ਚਾਹੁੰਦੇ ਹਾਂ। ਸਾਡੇ
ਕੁਝ ਦੋਸਤ-ਮਿੱਤਰ ਕਹਿੰਦੇ ਹਨ ਕਿ, ਚਲੀਹਾ ਰੱਖੋ, ਵਰਤ ਰੱਖੋ ਤੇ ਉਨ੍ਹਾਂ ਦੇ ਕਹਿਣ
ਮੁਤਾਬਕ ਅਸੀਂ ਕੁਝ ਨ ਕੁਝ ਕਰਦੇ ਵੀ ਰਹਿੰਦੇ ਹਾਂ। ਪਰ ਕੁਝ ਦੋਸਤ ਇਹ ਕਹਿ ਕੇ ਦਿਲ ਤੋੜ
ਦਿੰਦੇ ਹਨ ਕਿ ਜਦ ਕਰਮਾਂ ਵਿੱਚ ਹੀ ਨਹੀਂ ਹੈ ਤਾਂ ਫਿਰ ਕਿਵੇਂ ਮਿਲ ਸਕਦਾ ਹੈ। ਕੀ ਤੁਸੀਂ
ਮੈਨੂੰ ਇਸ ਦੁਬਿਧਾ ’ਚੋਂ ਕੱਢ ਸਕਦੇ ਹੋ?
|
|
|
ਉੱਤਰ: ਜਦੋਂ ਅਸੀਂ ਆਪਣੇ ਸਵਾਲਾਂ ਦਾ ਜਵਾਬ ਗੁਰਬਾਣੀ ’ਚੋਂ ਸਮਝਦੇ
ਹਾਂ ਤਾਂ ਗੁਰਬਾਣੀ ਸਾਨੂੰ ਸੱਚਾਈ ਦਾ ਢੰਗ ਸੁਝਾਉਂਦੀ ਹੈ। ਉਸ ਸੱਚ ਨੂੰ ਸਮਝਣਾ ਹੈ ਤਾ
ਕਿ ਸਾਡਾ ਆਪਣੀ ਜੀਵਨ ਜਾਚ ਵਲ ਧਿਆਨ ਪੈ ਸਕੇ। ਜਦੋਂ ਅਸੀਂ ਜੀਵਨ ਜਾਚ ਵਲ ਧਿਆਨ ਕਰਾਂਗੇ
ਤਾਂ ਗੁਰਬਾਣੀ ਸਿਖਾਉਂਦੀ ਹੈ ਕਿ ਭਰਮ-ਵਹਿਮ ਵਿੱਚ ਨਹੀਂ ਪੈਣਾ ਇਸ ਤਰ੍ਹਾਂ ਕੋਈ ਵਰਤ ਰੱਖ
ਕੇ ਜਾਂ ਕਿਸੀ ਜਗ੍ਹਾ ਖਾਸ ਤੀਰਥ ਤੇ ਜਾ ਕੇ ਜਾਂ ਕਿਸੀ ਬਾਬੇ-ਸਾਧੂ ਕੋਲੋਂ ਲਾਚੀ ਲੈ ਕੇ
ਇਸ ਤਰ੍ਹਾਂ ਪੁੱਤਰ ਨਹੀਂ ਮਿਲਦੇ ਹਨ। ਗੁਰਬਾਣੀ ਨੂੰ ਪੜ੍ਹ ਕੇ ਆਪਣੇ ਮਨ ਨੂੰ ਇਸ
ਤਰ੍ਹਾਂ ਚੜ੍ਹਦੀ ਕਲਾ ਵਿੱਚ ਰੱਖਣਾ ਹੈ ਕਿ ਸਾਡੇ ਮਨ ਵਿੱਚ ਇਹ ਖਾਹਿਸ਼ ਹੀ ਨਾ ਆਵੇ ਕਿ
ਮੇਰੀ ਲੜਕੀ ਹੈ ਜਾਂ ਲੜਕਾ ਹੈ। ਤੁਹਾਡੀਆਂ ਦੋ ਬੇਟੀਆਂ ਨੇ ਤੇ ਤੁਹਾਨੂੰ ਲੋਕੀ ਕਹਿੰਦੇ
ਹਨ ਲੜਕਾ ਹੋਵੇ। ਤੁਸੀਂ ਦੱਸੋ ਕਿ ਲੋਕੀ ਕਹਿੰਦੇ ਹਨ ਤਾਂ ਤੁਹਾਡੀ ਇਹ ਖਾਹਿਸ਼ ਬਣੀ ਹੈ
ਜਾਂ ਤੁਹਾਡੀ ਆਪਣੀ ਖਾਹਿਸ਼ ਹੈ?
ਭੈਣ ਜੀ: ਦੋਨੋ ਕਾਰਨਾਂ ਕਰਕੇ। ਸਮਾਜਕ ਤੌਰ ਤੇ ਇਹ ਸਾਡੀ ਜ਼ਰੂਰਤ ਬਣ ਗਈ ਹੈ।
ਵੀਰ ਜੀ: ਤੁਸੀਂ ਆਪ ਤਾਂ ਇਸਤਰੀ ਹੋ ਜ਼ਰਾ ਸੋਚੋ, ਤੁਸੀ ਵੱਖ-ਵਾਦ ਤੇ ਨਹੀਂ ਕਰ ਰਹੇ?
ਤੁਹਾਡੇ ਮਨ ਅੰਦਰ ਵਿਤਕਰਾ ਹੈ ਕਿ ਇਹ ਲੜਕੀ ਹੈ ਤੇ ਇਹ ਲੜਕਾ ਹੈ, ਮੇਰਾ ਲੜਕਾ ਕਿਉਂ
ਨਹੀਂ ਹੈ ਤੇ ਮੇਰਾ ਲੜਕਾ ਹੋਣਾ ਚਾਹੀਦਾ ਹੈ। ਸਾਨੂੰ ਗੁਰਬਾਣੀ ਸਿਖਾਉਂਦੀ ਹੈ ਕਿ ਅਸੀਂ
ਲਿੰਗ ਵਿਤਕਰਾ ਨਹੀਂ ਕਰਨਾ। ਉਨ੍ਹਾਂ ਲੜਕੀਆਂ ਨੂੰ ਹੀ ਤੁਸੀਂ ਲੜਕਾ ਸਮਝ ਕੇ ਪਾਲੋ।
ਤੁਹਾਡੀਆਂ ਲੜਕੀਆਂ ਵੀ ਪੂਰਨ ਮਨੁੱਖ ਹਨ, ਰੱਬ ਜੀ ਦੀ ਕ੍ਰਿਤ ਹਨ ਤੇ ਜਦੋਂ ਤੁਸੀ ਇਸ
ਪੱਖੋਂ ਸੋਚੋਗੇ ਤਾਂ ਤੁਹਾਡੇ ਮਨ ਦਾ ਇਹ ਵਹਿਮ ਇਕਦਮ ਹੀ ਖ਼ਤਮ ਹੋ ਜਾਏਗਾ ਕਿਉਂਕਿ ਇਸ
ਵਹਿਮ ਦੀ ਜੋ ਨੀਂਹ ਝੂਠ ਦੇ ਆਧਾਰ ਤੇ ਹੈ, ਜਦ ਗੁਰਬਾਣੀ ਨੂੰ ਸਮਝਾਂਗੇ ਤਾਂ ਇਸ ਸਾਰੀ
ਖੇਡ ਨੂੰ ਸਮਝ ਸਕਾਂਗੇ। ਤੁਹਾਡੇ ਮਨ ਅੰਦਰੋਂ ਬੇਟੇ ਦੇ ਹੋਣ ਦੀ, ਫਿਰ ਵੰਸ਼ ਚਲਣ ਦੀ, ਫਿਰ
ਸਾਡਾ ਅਗੋਂ ਨਾਮ ਚਲਣ ਦੀ, ਇਹ ਸਾਰੀਆਂ ਜਿਤਨੀਆਂ ਖਾਹਿਸ਼ਾਂ ਹਨ, ਸਹਿਜ ਅਤੇ ਅਡੋਲ ਅਵਸਥਾ
ਵਿੱਚ ਆਉਣ ਨਾਲ, ਆਪੇ ਹੀ ਖ਼ਤਮ ਹੋ ਜਾਣਗੀਆਂ।
ਭੈਣ ਜੀ: ਮੈਂ ਗੁਰਬਾਣੀ ਰੋਜ਼ ਪੜ੍ਹਦੀ ਹਾਂ, ਰੋਜ਼ ਪਾਠ ਕਰਦੀ ਹਾਂ ਇਸ ਬਾਰੇ ਗੁਰਬਾਣੀ ਤੋਂ ਕਿਵੇਂ ਸੇਧ ਮਿਲਦੀ ਹੈ?
ਵੀਰ ਜੀ: ਪਾਠ ਅਸੀਂ ਇਸ ਕਰਕੇ ਕਰਦੇ ਹਾਂ ਕਿ ਸਾਨੂੰ ਇਸ ਤੋਂ ਸਮਝ ਆਵੇ ਕਿ ਅਸਲੀਅਤ ਵਿੱਚ
ਰੱਬ ਜੀ ਦੀ ਰਜ਼ਾ, ਨਿਯਮ, ਸਿਸਟਮ ਕੀ ਹੈ, ਸੱਚੀ ਜੀਵਨੀ ਕੀ ਹੈ? ਪਾਠ ਅਸੀਂ ਇਸ ਕਰਕੇ ਤੇ
ਨਹੀਂ ਕਰਦੇ ਹਾਂ ਕਿ ਮੇਰੀਆਂ ਦੋ ਧੀਆਂ ਹਨ ਤੇ ਮੈਨੂੰ ਹੁਣ ਪੁੱਤਰ ਮਿਲ ਜਾਏ। ਮੈਂ ਇਥੇ
ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਗੁਰਬਾਣੀ ਸਾਡੀ ਜੀਵਨ ਜਾਚ ਲਈ ਹੈ। ਜੇ ਅਸੀਂ ਪਾਠ
ਕਰਕੇ ਵੀ ਖ਼ਾਹਿਸ਼ਾਂ ਨਾਲ ਹੀ ਜੁੜੇ ਰਹੇ, ਮੰਗਾਂ ਨਾਲ ਹੀ ਜੁੜੇ ਰਹੇ ਤਾਂ ਅਸੀਂ ਕਦੋਂ ਖੜੇ
ਹੋਵਾਂਗੇ, ਕਦੋਂ ਅਸੀਂ ਆਪਣੇ ਜੀਵਨ ਵਿੱਚ ਆਤਮਕ ਤੌਰ ਤੇ ਉੱਚੇ ਹੋਵਾਂਗੇ। ਸੋ ਰੋਜ਼ ਪਾਠ
ਕਰਕੇ, ਰੋਜ਼ ਨਿਤਨੇਮ ਕਰਕੇ ਅਸੀਂ ਗੁਰਬਾਣੀ ਰਾਹੀਂ ਜੀਵਨ ਜਾਚ ਸਿੱਖਣੀ ਹੈ। |
|
|
|