Weekly Articles By
Veer Bhupinder Singh Ji USA



ਸ੍ਰਿਸ਼ਟੀ ਵਿਚ ਕੁਝ ਵੀ ਝੂਠ ਨਹੀਂ

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਤ੍ਰੀਵ ਭਾਵ ਅਰਥਾਂ ਨੂੰ ਗਹੁ ਨਾਲ ਵਿਚਾਰਿਆਂ ਪਤਾ ਲੱਗਦਾ ਹੈ ਕਿ ਇਹ ਜਗ ਸੱਚੇ ਦੀ ਭਾਵ ਰੱਬ ਜੀ ਦੀ ਕਿਰਤ ਹੈ। ‘‘ਆਪਿ ਸਤਿ ਕੀਆ ਸਭੁ ਸਤਿ’’ ਸ੍ਰਿਸ਼ਟੀ ਦੇ ਕਰਤਾ ਰੱਬ ਜੀ ਹਨ। ਰੱਬ ਜੀ ਸੱਚੇ ਹਨ ਇਸ ਲਈ ਉਨ੍ਹਾਂ ਦੀ ਕਿਰਤ ਝੂਠੀ ਨਹੀਂ ਹੋ ਸਕਦੀ। ਇਸ ਵਿਸ਼ੇ ਨਾਲ ਸੰਬੰਧਿਤ ਬਾਣੀ ਦੇ ਕੁਝ ਪ੍ਰਮਾਣ ਵਿਚਾਰ ਕੇ ਦੇਖਦੇ ਹਾਂ :-

ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ।।(ਗੁਰੂ ਗ੍ਰੰਥ ਸਾਹਿਬ, ਪੰਨਾ : 6) :- ਰੱਬ ਜੀ ਸਦਾ ਸੱਚੇ ਹਨ, ਉਹ ਸੱਚੇ ਸਾਹਿਬ ਹਨ ਅਤੇ ਸੱਚੇ ਸਾਹਿਬ ਦੀ ਨਾਈ (ਇਹ ਸ੍ਰਿਸ਼ਟੀ) ਸੱਚੀ ਹੈ।

ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ।। (ਗੁਰੂ ਗ੍ਰੰਥ ਸਾਹਿਬ, ਪੰਨਾ : 670) :-ਰੱਬ ਜੀ ਤੁਹਾਡਾ ਕੀਤਾ ਸਭ ਕੁਝ ਸੱਚਾ ਹੈ।

ਨਾਨਕ ਸਚੇ ਕੀ ਸਾਚੀ ਕਾਰ।। (ਗੁਰੂ ਗ੍ਰੰਥ ਸਾਹਿਬ ਪੰਨਾ : 7) :- ਸੱਚੇ ਰੱਬ ਜੀ ਦੀ ਕਾਰ (ਕ੍ਰਿਤ) ਵੀ ਸੱਚੀ ਹੈ।

ਸਚੇ ਤੇਰੇ ਖੰਡ ਸਚੇ ਬ੍ਰਹਮੰਡ।। (ਗੁਰੂ ਗ੍ਰੰਥ ਸਾਹਿਬ ਪੰਨਾ : 463) :- ਰੱਬ ਜੀ ਦੇ ਸਾਜੇ ਖੰਡ ਬ੍ਰਹਮੰਡ ਸੱਚੇ ਹਨ।

ਨਿੰਦਉ ਨਾਹੀ ਕਾਹੂ ਬਾਤੈ ਏਹੁ ਖਸਮ ਕਾ ਕੀਆ।।(ਗੁਰੂ ਗ੍ਰੰਥ ਸਾਹਿਬ, ਪੰਨਾ : 611) :- ਇਹ ਸਾਰੀ ਸ੍ਰਿਸ਼ਟੀ ਸੱਚੇ ਖਸਮ (ਪ੍ਰਭੂ) ਦੀ ਕਿਰਤ ਹੈ ਇਸ ਲਈ ਇਸ ਨੂੰ ਨਿੰਦਣਾ ਨਹੀਂ ਚਾਹੀਦਾ।

ਐਸੇ ਅਨੇਕ ਹੀ ਪ੍ਰਮਾਣਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਦਾ ਸੁਨੇਹਾ ਸਾਰੀ ਦੁਨੀਆ ਨੂੰ ਨਵੀਂ ਸੇਧ ਦਿੰਦਾ ਹੈ ਕਿ ਰੱਬੀ ਕਿਰਤ ਵਿਚ ਕੁਝ ਵੀ ਝੂਠਾ ਨਹੀਂ। ਧਾਰਮਕ ਦੁਨੀਆ ਵਿਚ ਹਜ਼ਾਰਾਂ ਸਾਲਾਂ ਤੋਂ ਮਨੁੱਖ ਨੂੰ ਰੱਬੀ ਕਿਰਤ ਨੂੰ ਝੁਠਲਾ ਕੇ ਸੱਚ ਨਾਲ ਜੋੜਨ ਦੀ ਅਗਿਆਨਤਾ ਭਰੀ ਸੋਚ ਕੰਮ ਕਰ ਰਹੀ ਹੈ। ਇਸ ਨੂੰ ਝੂਠਾ ਕਹਿ ਕੇ ਇਸ ਤੋਂ ਮੁੱਖ ਮੋੜਨਾ, ਸਭ ਕੁਝ ਤਿਆਗ ਕੇ ਨੱਸ ਜਾਣਾ ਸਿਖਾਇਆ ਜਾਂਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ, ਹਠ, ਜੋਗ, ਤਿਆਗੀ ਜਾਂ ਫੱਕੜ ਬਣ ਕੇ ਰੱਬੀ ਕਿਰਤ ਨੂੰ ਤ੍ਰਿਸਕਾਰਨਾ ਨਹੀਂ ਸਿਖਾਉਂਦੀ।

ਦੁਨੀਆ ਵਿਚ ਪਾਖੰਡ, ਭਰਮ ਜਾਲ, ਫੋਕਟ ਕਰਮ ਕਾਂਡ, ਤਾਂਤ੍ਰਿਕਾਂ, ਜਾਦੂ ਟੂਣੇ, ਭਵਿੱਖ ਫਲ ਜਿਹੀਆਂ ਝੂਠੀਆਂ ਚਾਲਾਂ ਦਾ ਬੋਲ ਬਾਲਾ ਇਸ ਕਰਕੇ ਵਧ ਗਿਆ ਹੈ ਕਿਉਂਕਿ ਮਨੁੱਖ ਨੇ ਝੂਠੇ ਭਰਮ ਜਾਲ ਵਾਲੇ ਸੁਫ਼ਨੇ ਘੜ ਕੇ ਉਨ੍ਹਾਂ ਵਿਚ ਆਪਣੇ ਆਪ ਨੂੰ ਉਲਝਾ ਲਿਆ ਹੈ। ਝੂਠ ਨੂੰ ਕੱਟਣ ਲਈ ਝੂਠ ਦੀਆਂ ਦੁਕਾਨਾਂ ਖੁੱਲ੍ਹ ਗਈਆਂ ਹਨ। ਸਭ ਜਗ੍ਹਾ ਝੂਠ ਦਾ ਬਜ਼ਾਰ ਇਸੇ ਕਰਕੇ ਗਰਮ ਹੈ ਕਿਉਂਕਿ ਮਨੁੱਖ ਅਗਿਆਨਤਾ ਵਸ ਝੂਠੀਆਂ ਧਾਰਨਾਵਾਂ ਕਾਰਨ ਝੂਠੇ ਰੋਗਾਂ ਨੂੰ ਜਨਮ ਦੇ ਕੇ ਉਨ੍ਹਾਂ ਤੋਂ ਆਪ ਹੀ ਪੀੜਿਤ ਹੋ ਰਿਹਾ ਹੈ।

ਦਰਅਸਲ ਸੁਫ਼ਨਾ ਝੂਠਾ ਨਹੀਂ ਹੁੰਦਾ, ਸੁਫ਼ਨਾ ਦੇਖਣ ਵਾਲੇ ਦੀ ਬਿਰਤੀ ਝੂਠੀ ਹੁੰਦੀ ਹੈ। ਉਦਾਹਰਨ ਦੇ ਤੌਰ ’ਤੇ ਸਮਝਦੇ ਹਾਂ ਕਿ ਮੈਂ ਸੁਫ਼ਨਾ ਲੈਂਦਾ ਹਾਂ। ਸੁਫ਼ਨੇ ਵਿਚ ਰਾਜ ਦਾ ਭੋਗੀ, ਕੋ੍ਰਧੀ, ਕਾਮੀ ਜਾਂ ਡਰਪੋਕ ਹੋ ਜਾਂਦਾ ਹੈ ਤਾਂ ਇਸ ਵਿਚ ਸੁਫ਼ਨਾ ਝੂਠ ਨਹੀਂ ਦਰਅਸਲ ਮੈਂ ਅਚੇਤ ਅਵਸਥਾ ਵਿਚ ਸੁੱਤਾ ਹੋਇਆ ਹਾਂ, ਮੇਰੇ ਖ਼ਿਆਲ, ਮੇਰੇ ਮਨ ਦੇ ਫੁਰਨੇ ਵੈਸੀ ਬਿਰਤੀ ਦੇ ਹਨ ਅਤੇ ਝੂਠੇ ਹਨ। ਜਦੋਂ ਮੈਂ ਸੁਫ਼ਨਾ ਲੈ ਰਿਹਾ ਸੀ ਉਹ ਸੱਚਾ ਸੀ, ਪਰ ਮੈਂ ਝੂਠਾ ਹਾਂ, ਮੇਰੇ ਝੂਠੇ ਕਿਰਦਾਰ ਕਾਰਨ ਵੈਸਾ ਹੀ ਸੁਫ਼ਨਾ ਪੈਦਾ ਹੋ ਗਿਆ। ਅੱਜ ਸਾਇੰਸ ਵੀ ਇਸ ਪੱਖੋਂ ਖੋਜ ਕਰ ਰਹੀ ਹੈ ਪਰ ਮਨੁੱਖ ਇਕ ਦਿਨ ਇਹ ਲੱਭ ਸਕੇਗਾ ਕਿ ਸੁਫ਼ਨਿਆਂ ਪਿੱਛੇ ਸਾਡਾ ਅਚੇਤ ਮਨ ਹੁੰਦਾ ਹੈ ਜਿਸਨੇ 
ਅਚਨਚੇਤ ਆਪਣੀ ਯਾਦਾਸ਼ਤ ਵਿਚ ਕੁਝ ਨਾ ਕੁਝ ਰੱਖਿਆ ਹੋਇਆ ਹੈ ਅਤੇ ਉਹੀ ਯਾਦਾਂ ਉਜਾਗਰ ਹੋ ਕੇ ਸੁਫ਼ਨੇ ਦੀ ਸ਼ਕਲ ਲੈ ਲੈਂਦੀਆਂ ਹਨ।

ਇਸ ਉਦਾਹਰਨ ਰਾਹੀਂ ਇਹੀ ਸਮਝ ਪੈਂਦੀ ਹੈ ਕਿ ਸਾਡੀ ਸੋਚਣੀ ਸਾਡੇ ਫੁਰਨੇ, ਸਮਾਜਿਕ ਧਾਰਨਾਵਾਂ, ਸਾਡੇ ਸੰਸਕਾਰ, ਝੂਠੇ ਆਧਾਰ ’ਤੇ ਖੜੇ ਕਰ ਲਏ ਗਏ ਹਨ। ਇਸ ਕਰਕੇ ਸਾਡੀ ਸ਼ਖ਼ਸੀਅਤ ਦੇ ਪੇੜ ਵਿਚ ਫਲ ਵੀ ਝੂਠੇ ਹੀ ਲੱਗ ਰਹੇ ਹਨ। ਸਿੱਟੇ ਵਜੋਂ ਅਸੀਂ ਸਾਰੀ ਸ੍ਰਿਸ਼ਟੀ ਦੀਆਂ ਚੀਜ਼ਾਂ ਨੂੰ ਝੂਠ ਕਹਿਣਾ ਸ਼ੁਰੂ ਕਰ ਦਿੱਤਾ ਹੈ। ਸਾਰੇ ਪੈਸੇ (ਦੌਲਤ) ਨੂੰ ਝੂਠ ਕਹਿੰਦੇ ਹਨ। ਸਾਡਾ ਸਰੀਰ ਭਾਵੇਂ ਮੁੱਕ ਜਾਂਦਾ ਹੈ ਪਰ ਪੈਸਾ ਤਾਂ ਤਿਜੋਰੀ ਜਾਂ ਬੈਂਕ ਵਿਚ ਪਿਆ ਹੈ। ਸਾਡਾ ਸਰੀਰ ਬਿਨਸ ਜਾਂਦਾ ਹੈ ਪਰ ਸਾਡਾ ਸਾਜ਼ੋ ਸਮਾਨ ਕੱਪੜਾ, ਇਤਿਆਦ ਸਭ ਇਥੇ ਹੀ ਪਿਆ ਰਹਿ ਜਾਂਦਾ ਹੈ, ਅਸੀਂ ਆਪਣੀ ਕਹਿੰਦੇ ਹਾਂ ਕਿ ਇਨ੍ਹਾਂ ’ਚੋਂ ਨਾਲ ਕਿਸੇ ਨੇ ਨਹੀਂ ਜਾਣਾ, ਸਭ ਕੁਝ ਝੂਠਾ ਹੈ ਅਤੇ ਸਾਡਾ ਸਰੀਰ ਵੀ ਨਾਲ ਨਹੀਂ ਜਾਂਦਾ। ਦਰਅਸਲ ਪਦਾਰਥਾਂ ਵਿਚ ਖਚਤ ਰਹਿਣ ਵਾਲੀ ਬਿਰਤੀ ਅਤੇ ਉਨ੍ਹਾਂ ਦੀ ਮੁਥਾਜੀ ਝੂਠੀ ਹੈ।

ਗੁਰੂ ਗ੍ਰੰਥ ਸਾਹਿਬ ਵਿਚ ਸ਼ਬਦ ਆਉਂਦਾ ਹੈ ‘‘ਜਗਤ ਮੈਂ ਝੂਠੀ ਦੇਖੀ ਪ੍ਰੀਤ’’ (ਗੁਰੂ ਗ੍ਰੰਥ ਸਾਹਿਬ, ਪੰਨਾ : 526) ਇਸ ਨੂੰ ਗਹਿਰਾਈ ਨਾਲ ਵਿਚਾਰਿਆਂ ਸਮਝ ਪਈ ਕਿ ਰੱਬੀ ਕਿਰਤ ਵਿਚ ਕੁਝ ਵੀ ਝੂਠਾ ਨਹੀਂ ਕੇਵਲ ਸਾਡਾ ਨਜ਼ਰੀਆ, ਸਾਡੀ ਖੁਦਗਰਜ਼ੀ ਕਾਰਨ ਪਿਆਰ ਪਿੱਛੇ ਭਾਵਨਾ ਝੂਠੀ ਹੈ। ਸਾਡੇ ਵੇਖਣ, ਮਾਣਨ ਦੀ ਬਿਰਤੀ ਪਿੱਛੇ ਜੇ ‘ਦੂਜਾ ਭਾਉ’ ਹੈ, ਤ੍ਰਿਸ਼ਨਾ, ਖੁਦਗਰਜ਼ੀ ਹੈ ਤਾਂ ਸਾਡੀ ਪ੍ਰੀਤ ਝੂਠੀ ਹੋ ਜਾਂਦੀ ਹੈ ਵਰਨਾ ਕੁਝ ਵੀ ਝੂਠਾ ਨਹੀਂ।

ਰੱਬ ਜੀ ਸਭ ਜਗ੍ਹਾ ਹਨ, ਅੱਜ ਹਨ, ਹੁਣ ਹੀ ਹਨ, ‘‘ਆਦਿ ਸਚੁ ਜੁਗਾਦਿ ਸਚੁ।। ਹੈ ਭੀ ਸਚੁ ਨਾਨਕ ਹੋਸੀ ਭੀ ਸਚੁ’’ (ਗੁਰੂ ਗ੍ਰੰਥ ਸਾਹਿਬ, ਪੰਨਾ : 1)। ਗੁਰੂ ਗ੍ਰੰਥ ਸਾਹਿਬ ਵਿਚ ਆਉਂਦਾ ਹੈ ‘‘ਜਲਿ ਥਲਿ ਮਹੀਅਲਿ ਰਹਿਆ ਭਰਪੂਰੇ।। ਨਿਕਟਿ ਵਸੈ ਨਾਹੀ ਪ੍ਰਭ ਦੂਰੇ।।’’ (ਗੁਰੂ ਗ੍ਰੰਥ ਸਾਹਿਬ, ਪੰਨਾ : 563) ਅਨੁਸਾਰ ਰੱਬ ਜੀ ਸਾਡੇ ਹਿਰਦੇ ਵਿਚ ਹਨ, ਆਸ ਪਾਸ ਹਨ ਅਤੇ ਸਭ ਜਗ੍ਹਾ ਭਰਪੂਰ ਹਨ। ਇਥੇ ਜੋ ਕੁਝ ਵੀ ਵੇਖ ਰਹੇ ਹਾਂ, ਸਭ ਵਿਚ, ਸਭ ਪਾਸੇ ਹਰੇਕ ਦਿਸ਼ਾ ਵਿਚ, ਸਾਡੇ ਅੰਦਰ ਬਾਹਰ, ਧਰਤੀ ਜਾਂ ਬ੍ਰਹਮੰਡ ਦੀ ਇਕ ਇਕ ਕਣੀ ਵਿਚ ਰੱਬ ਜੀ ਹਨ ਇਸ ਕਰਕੇ ਰੱਬ ਜੀ ਦੀ ਕਿਰਤ ਵਿਚ ਸਭ ਕੁਝ ਸੱਚਾ ਹੈ, ਕੇਵਲ ਸਾਡੀ ਖੁਦਗਰਜ਼ੀ ਵਾਲੀ ਸੋਚਣੀ ਝੂਠੀ ਹੈ, ਸਾਡੇ ਖ਼ਿਆਲਾਂ ਦਾ ਮੰਤਵ ਗ਼ਲਤ ਹੈ।

ਸਾਇੰਸ ਵਲੋਂ ਕਢੀਆਂ ਕਾਢਾਂ ਮਨੁੱਖ ਦੇ ਸੁੱਖ ਲਈ ਸਾਜੋ ਸਮਾਨ, ਸਭ ਕੁਝ ਰੱਬੀ ਹੁਕਮ ਨਿਯਮ ਅਨੁਸਾਰ ਬਣਾਏ ਗਏ ਅਤੇ ਬਣਾਏ ਜਾ ਰਹੇ ਹਨ। ਕੀ ਇਹ ਸਾਰੀਆਂ ਕਾਢਾਂ ਝੂਠੀਆਂ ਹਨ ? ਦਰਅਸਲ ਮਨੁੱਖ ਦੀ ਇਨ੍ਹਾਂ ਪਦਾਰਥਾਂ ਲਈ ਮੁਥਾਜੀ ਅਤੇ ਇਨ੍ਹਾਂ ਵਿਚ ਖੱਚਤ ਹੋਣ ਦੀ ਬਿਰਤੀ ਝੂਠੀ ਹੈ। ਇਨ੍ਹਾਂ ਨੂੰ ਵੇਖਣ ਦੀ ਅੱਖ ਅਤੇ ਵਰਤਣ ਦੀ ਸੋਚ ਦਾ ਦੋਸ਼ ਹੈ। ਜੇਕਰ ਇਸ ਵੇਖਣ ਵਾਲੀ ਅੱਖ ਅਤੇ ਸੋਚ ਨੂੰ, ਮਨੁੱਖ ਦੀ ਮੱਤ ਨੂੰ ਸਤਿਗੁਰ ਰਾਹੀਂ ਬਿਬੇਕ ਬੁੱਧੀ ਦੇ ਦਿੱਤੀ ਜਾਏ ਤਾਂ ਇਸਦਾ ‘ਦੂਜਾ ਭਾਉ’ ਵਾਲਾ ਨਜ਼ਰੀਆ ਬਦਲ ਜਾਵੇਗਾ। ਸਭ ਪਦਾਰਥਾਂ ਨੂੰ ਸੁਚੇਤਤਾ ’ਚ ਵਰਤਣ ਵਾਲੇ ਮਨੁੱਖ ਲਈ ਸਭ ਕੁਝ ‘‘ਸਾਚੇ ਕਾ ਕੀਆ ਸਭ ਸਚ’’ ਹੋ ਜਾਵੇਗਾ। ਅਜਿਹਾ ਮਨੁੱਖ ਕਹੇਗਾ:-

ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ।। ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ।। ਏਹੁ ਵਿਸੁ ਸੰਸਾਰੁ ਤੁਮ 
ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ।। ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ।। ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ।।

(ਗੁਰੂ ਗ੍ਰੰਥ ਸਾਹਿਬ, ਪੰਨਾ : 922)

ਐਸੇ ਮਨੁੱਖ ਨੂੰ ਸਭ ਕੁਝ ਸੱਚ ਨਜ਼ਰੀ (ਦਿਬ ਦ੍ਰਿਸ਼ਟ ਹੋਈ) ਪੈਣ ਲੱਗ ਪਵੇਗਾ। ਉਸਦੀ ਬਿਰਤੀ, ਆਤਮਕ ਤੌਰ ’ਤੇ ਉੱਚੀ ਹੋ ਜਾਏਗੀ। ਐਸਾ ਮਨੁੱਖ ਮਹਿਸੂਸ ਕਰ ਸਕੇਗਾ :-

ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ।।

(ਗੁਰੂ ਗ੍ਰੰਥ ਸਾਹਿਬ, ਪੰਨਾ : 84)

ਅਤੇ

ਦੁਇ ਦੁਇ ਲੋਚਨ ਪੇਖਾ।। ਹਉ ਹਰਿ ਬਿਨੁ ਅਉਰੁ ਨ ਦੇਖਾ।।

(ਗੁਰੂ ਗ੍ਰੰਥ ਸਾਹਿਬ, ਪੰਨਾ : 655)