ਜਦੋਂ ਮੈਂ ਪੈਦਾ ਹੋਇਆ ਸੀ ਤਾਂ ਮੇਰਾ ਕੋਈ ਨਾਮ ਨਹੀਂ
ਸੀ। ਮੈਨੂੰ ਪਤਾ ਹੀ ਨਹੀਂ ਕਿ ਮੇਰਾ ਨਾਮ ਕਿਵੇਂ ਰਖਿਆ ਗਿਆ। ਅੱਜ-ਕੱਲ੍ਹ ਆਸਪਾਸ ਦੀ ਦੁਨੀਆ ਨੂੰ ਵੇਖਦਿਆਂ ਪਤਾ ਲਗਦਾ ਹੈ ਕਿ ਕਿਵੇਂ ਕਿਸੇ
ਨਵੇਂ ਬੱਚੇ ਦੇ ਪੈਦਾ ਹੋਣ ’ਤੇ ਮਾਪੇ ਬੱਚੇ ਦੇ ਨਾਮ ਬਾਰੇ ਸੋਚਦੇ ਹਨ। ਬੱਚੇ ਦਾ ਸਾਰੀ ਉਮਰ ਲਈ ਉਹ ਨਾਮ ਪ੍ਰਚਲਤ ਹੋ ਜਾਂਦਾ
ਹੈ। ਕੋਈ ਵੀ ਮਾਤਾ-ਪਿਤਾ ਬੱਚੇ ਦਾ ਨਾਮ ਮੰਦਾ, ਭੈੜੇ ਭਾਵ ਅਰਥਾਂ ਵਾਲਾ ਨਹੀਂ ਰੱਖਦੇ ਹਨ। ਸਭ ਨੂੰ ਆਪਣੇ ਬੱਚੇ ਦਾ ਚੰਗਾ ਨਾਮ ਰੱਖਣਾ ਹੀ ਪਸੰਦ
ਹੁੰਦਾ ਹੈ। ਇਹ ਗੱਲ ਵਖਰੀ ਹੈ ਕਿ ਵੱਡੇ ਹੋ ਕੇ ਅਸੀਂ ਉਸ ਨਾਮ ਵਾਲਾ ਕਿਰਦਾਰ ਬਣਦੇ ਹਾਂ
ਜਾਂ ਨਹੀਂ। ਕਈ ਤਾਂ ਇਹ ਵੀ ਕਹਿੰਦੇ ਹਨ ਕਿ ਮੇਰਾ ਨਾਮ ਮੇਰੇ ਤੋਂ ਪੁਛ ਕੇ ਨਹੀਂ ਰੱਖਿਆ
ਗਿਆ ਸੀ। ਮਾਤਾ-ਪਿਤਾ ਕਦੀ ਵੀ ਬੱਚੇ ਦਾ ਨਾਮ ਸੱਪ, ਚੂਹਾ, ਕੁੱਤਾ ਜਾਂ ਲੋਮੜੀ ਨਹੀਂ ਰੱਖਦੇ। ਭਾਵਨਾ ਇਹ ਹੁੰਦੀ ਹੈ ਕਿ ਮੇਰੇ ਬੱਚੇ ਦਾ ਕਿਰਦਾਰ ਚੰਗੇ ਗੁਣਾਂ ਵਾਲਾ ਬਣੇ। ਇਸ ਕਰਕੇ ਸਤ, ਸੰਤ, ਰੱਬੀ ਗੁਣਾਂ ਵਾਲਾ ਨਾਮ
ਹੀ ਰਖਿਆ ਜਾਂਦਾ ਹੈ ਪਰ ਇਸ ਤੋਂ ਉਲਟ ਵੀ ਹੋ ਸਕਦਾ ਹੈ। ਜਿਵੇਂ ਕਿ ‘ਅਮੀਰਦਾਸ’ ਵੱਡਾ ਹੋ ਕੇ ਗਰੀਬ
ਹੋ ਜਾਂਦਾ ਹੈ, ‘ਮੁਲਾਯਮ’ ਸਖ਼ਤ ਹੋ ਜਾਂਦਾ ਹੈ,
‘ਸ਼ੇਰ’ ਬਿੱਲੀ ਵਾਂਗੂੰ ਡਰਦਾ ਹੈ ਅਤੇ ‘ਲੱਲੂ’ ਸਿਆਣਾ ਨਿਕਲਦਾ ਹੈ, ‘ਬੁੱਧੀਰਾਜਾ’
ਮੂਰਖ ਬਣ ਜਾਂਦਾ ਹੈ ਤੇ ‘ਮਨਜੀਤ’ ਵੱਡਾ ਹੋ ਕੇ ਮਨ ਤੋਂ ਹਾਰਿਆ ਦਿਸਦਾ ਹੈ।
ਹੂਬਹੂ ਸਾਡੀ ਸਭ ਦੀ ਇਹੋ ਹਾਲਤ ਹੈ। ਦਰਅਸਲ ਵੇਖਿਆ ਜਾਵੇ ਤਾਂ ਸਰੀਰ ਅਤੇ ਇਸ ਦਾ ਨਾਮ ਮਾਪਿਆਂ
ਤੋਂ ਹੀ ਮਿਲਿਆ ਹੈ। ਇਸ ਲਈ ਅਸੀਂ ਆਪਣੇ ਨਾਮ ਦਾ ਕਿਰਦਾਰ ਨਾ ਬਣਨ `ਤੇ ਜਾਂ ਆਪਣੇ ਸਰੀਰ ਵੱਲੋਂ ਕੀਤੇ
ਮਾੜੇ ਕਰਮਾਂ ਦੀ ਜ਼ਿੰਮੇਵਾਰੀ ਆਪ ਨਹੀਂ ਲੈਂਦੇ ਹਾਂ ਕਿਉਂਕਿ ਇਹ ਦੋਵੇਂ ਮਾਪਿਆਂ ਤੋਂ ਮਿਲੇ ਹਨ,
ਇਹ ਸੋਚ ਕੇ ਮੁਕਤ ਹੋ ਜਾਂਦੇ ਹਾਂ।
ਮੇਰਾ ਸਰੀਰ ਅਤੇ ਨਾਮ ਤਾਂ ਮਾਂਪਿਆਂ ਤੋਂ ਮਿਲਿਆ ਹੈ
ਪਰ ਇਸ ਤੋਂ ਇਲਾਵਾ ਸਮਾਜ ਦੀ ਧਾਰਣਾਵਾਂ ਨੂੰ ਵੇਖਦਿਆਂ ਮਾਂਪਿਆਂ ਵੱਲੋਂ ਪੜ੍ਹਾਈ ਕਰਵਾ ਕੇ ਪੈਰਾਂ
ਤੇ ਖੜੇ ਹੋਣ ਲਈ ਇੱਕ ਹੋਰ ਕਿਰਦਾਰ ਵੀ ਦਿੱਤਾ ਗਿਆ ਕਿ ਪੜ੍ਹੋ `ਤੇ ਕਾਮਯਾਬ ਬਣੋ। ਜਿਵੇਂ ਕਿ ਡਾਕਟਰ, ਇੰਜੀਨੀਅਰ, ਵਕੀਲ, ਜੱਜ ਆਦਿ ਬਣ ਕੇ ਆਪਣਾ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰੋ। ਇਹ ਸਭ ਕੁਝ ਕਰਦਿਆਂ ਸਮਾਜ, ਪਰਿਵਾਰ, ਟੀ.ਵੀ, ਅਖ਼ਬਾਰ, ਫਿਲਮਾਂ ਰਾਹੀਂ ਮੇਰੇ ਜ਼ਹਿਨ ’ਚ ਕੁਝ ਪਾਇਆ ਗਿਆ, ਜਿਸ ਨਾਲ ਮੇਰੇ ਸੰਸਕਾਰ ਬਣ ਗਏ ਅਤੇ ਮੇਰੀ ਇਕ ਸ਼ਖ਼ਸੀਅਤ ਬਣ ਗਈ। ਨਾ ਚਾਹੁੰਦਿਆਂ ਹੋਇਆਂ ਵੀ ਅਚਨਚੇਤ, ਅਣਭੋਲ ਹੀ ਇਹ ਸਭ ਕੁਝ ਮੇਰੇ ਕਿਰਦਾਰ
ਦਾ ਹਿੱਸਾ ਬਣ ਗਏ। ਇਨ੍ਹਾਂ ਸਭ ਦੇ ਨਾਲ-ਨਾਲ ਮੈਂ ਧਰਮ ਵੀ ਮਾਤਾ-ਪਿਤਾ ਅਤੇ ਸਮਾਜ ਦਾ
ਦਿੱਤਾ ਇਖ਼ਤਿਆਰ ਕਰ ਲਿਆ। ਫਿਰ ਮੈਂ ਮਕਾਨ, ਪੈਸਾ, ਕਾਰ, ਜ਼ਾਤ
ਸਭ ਨੂੰ ਹਾਸਿਲ ਕਰਨ ’ਤੇ ਜ਼ੋਰ ਲਗਾਇਆ। ਇਹ ਸਭ ਕੁਝ ਨੂੰ ਮੈਂ ਆਪਣੀ ਪ੍ਰਾਪਤੀ ਸਮਝ ਲਿਆ।
ਸਿੱਟੇ ਵੱਜੋਂ ਜੋ ਵੀ ਮੇਰੀਆਂ ਯਾਦਾਂ ’ਚ ਵਸਿਆ ਹੈ, ਜੋ ਚੀਜ਼ਾਂ ਮੇਰੇ ਕਬਜ਼ੇ ’ਚ ਹਨ, ਇਨ੍ਹਾਂ
ਸਮੇਤ ਮੇਰਾ ਨਾਮ ਅਤੇ ਜ਼ਾਤ ਇਹ ਸਭ ਕੁਝ ਨਾਲ ਮੇਰਾ ਰੁਤਬਾ ਬਣਿਆ ਹੈ। ਸਰੀਰ, ਨਾਮ ਅਤੇ ਧਰਮ ਮਾਂਪਿਆਂ ਦਾ ਦਿੱਤਾ ਹੋਇਆ ਹੈ ਪਰ ਮੈਂ ਆਪਣਾ ਸਮਝ ਰਿਹਾਂ
ਹਾਂ ਅਤੇ ਸਮਾਜ ਤੋਂ ਵੀ ਜੋ ਕੁਝ ਲਿਆ ਹੈ, ਇਸ ਸਭ ਕੁਝ ਨੂੰ ਮੈਂ ਆਪਣਾ ਨਾਮ,
ਰੁਤਬਾ ਅਤੇ ਕਿਰਦਾਰ ਮੰਨ ਕੇ ਜਿਊ ਰਿਹਾ ਹਾਂ। ਸਾਡੇ ਸਾਰਿਆਂ ਦੇ ਹਾਲਾਤ ਵੱਧ ਜਾਂ ਘੱਟ ਇਹੋ ਜਿਹੇ
ਹੀ ਹਨ। ਜਿਨ੍ਹਾਂ ਨੂੰ ਅਸੀਂ ਮੇਰੀ-ਮੇਰੀ ਕਹਿੰਦੇ ਹਾਂ, ਇਨ੍ਹਾਂ ਨੂੰ ਬਰਕਰਾਰ ਰੱਖਣਾ
ਹੀ ਮੈਂ ਆਪਣਾ, ਨਿੱਜ, ਆਪਾ, ਹਉਮੈ ਸਮਝਦਾ ਹਾਂ।
ਇਹ ਸਭ ਕੁਝ ਮੇਰੇ ਤੋਂ ਖੁਸ ਨਾ ਜਾਵੇ, ਘੱਟ ਨਾ ਜਾਵੇ, ਮੁੱਕ ਨਾ ਜਾਵੇ ਵਾਲੇ ਰੁਤਬੇ ਲਈ ਮੈਂ ਡਰਦਾ ਰਹਿੰਦਾ ਹਾਂ ਤੇ ਮਹਿਨਤ ਮਸ਼ੱਕਤ ਕਰਦਾ ਰਹਿੰਦਾ
ਹਾਂ। ਇਸੇ ਡਰ ਕਾਰਨ ਸਰੀਰਕ ਮੌਤ ਤੋਂ ਵੀ ਡਰ ਲਗਦਾ ਹੈ। ਸਰੀਰਕ ਮੌਤ ਤੋਂ ਬਚਣ ਲਈ ਮੈਂ ਆਪਣੀ ਬਿਮਾਰੀ ਵੱਡੀ-ਵੱਡੀ ਕਰਕੇ ਦਸਦਾ ਹਾਂ ਅਤੇ ਵੱਡੇ-ਵੱਡੇ ਡਾਕਟਰ, ਟੈਸਟ ਦਵਾਈਆਂ ਅਤੇ ਵਿਟਾਮਿਨ ਵੀ ਖਾਂਦਾ ਹਾਂ। ਇਸੇ ਹਉਮੈ ਵਾਲੇ ਨਾਮ, ਰੁਤਬੇ ਨੂੰ ਬਚਾਉਣ ਲਈ ਹੀ ਸਾਰੀ
ਉਮਰ ਉੱਦਮ ਕਰਦਾ ਰਹਿੰਦਾ ਹਾਂ।
ਜੇਕਰ ਮੇਰਾ ਨਾਮ, ਰੁਤਬਾ, ਪੈਸਾ, ਜ਼ਮੀਨ, ਕਾਰ, ਇਜ਼ਤ ਕੋਈ ਖੋਹ ਕੇ ਲੈ ਜਾਵੇ ਤਾਂ ਮੇਰੇ ਕੋਲ ਮੇਰਾ ਕੁਝ ਵੀ ਨਹੀਂ ਬਚਦਾ। ਭਾਵ ਮੇਰੀ ਹਉਮੈ ਕਿਰਦਾਰ ਦੀ ਹੋਂਦ ਹੀ ਮੁੱਕ ਗਈ ਜਾਂ
ਖੋਹ ਲਈ ਗਈ ਜਾਂ ਗਵਾਚ ਗਈ। ਇਸ ਹਉਂ ਨੂੰ ਬਰਕਰਾਰ ਰੱਖਣ ਲਈ ਹੀ ਤਥਾਕਥਿਤ 84 ਲੱਖ ਜੂਨਾਂ ਵਾਲੇ ਸਾਰੇ ਚੰਗੇ-ਮੰਦੇ ਕਰਮ ਮੈਂ ਕਰਦਾ ਰਹਿੰਦਾ ਹਾਂ।
‘ਡਾਰਵਿਨ’ ਕਹਿੰਦਾ ਹੈ ਕਿ ਜੋ
ਆਪਣੇ ਆਪ ਨੂੰ ਬਚਾ ਸਕੇ ਉਹ ਸਹੀ ਹੈ। ਜਿਸ ’ਚ ਤਾਕਤ ਹੈ ਉਹ ਆਪਣੇ ਆਪ ਨੂੰ ਬਰਕਰਾਰ `ਤੇ ਬਚਾ ਕੇ ਰੱਖ ਸਕਦਾ
ਹੈ ਭਾਵ ‘ਚਲਤੀ ਕਾ ਨਾਮ ਗਾੜੀ’ ਜਾਂ
‘ਜਿਸਕੀ ਲਾਠੀ ਉਸੀ ਕੀ ਭੈਂਸ’। ਇਹ ਸਭ ਤਾਂ ਜਾਨਵਰਾਂ ਜੀਆਂ-ਜੰਤਾਂ ਵਾਸਤੇ ਕਿਹਾ ਗਿਆ ਸੀ। ਪਰ ਮੈਂ ਆਪਣੇ ਆਪ ’ਤੇ ਲਾਗੂ ਕਰਕੇ ਉਨ੍ਹਾਂ
84 ਲੱਖ ਜੂਨਾਂ ਦਾ ਕਿਰਦਾਰ ਨਿਭਾਉਣ ਲਗ ਪਿਆ ਅਤੇ ਮਨੁੱਖ ਨਾ ਬਣ ਸਕਿਆ। ਜੋ ਪੈਦਾ ਹੋਣ ਵੇਲੇ ਨਿਰਮਲ, ਬੇਨਾਮ, ਕਿਰਦਾਰ ਸੀ ਉਸ ਉੱਤੇ ਬਹੁਤ ਕੁਝ ਥੋਪ ਦਿੱਤਾ ਗਿਆ ਅਤੇ ਥੋਪੇ ਹੋਏ ਨੂੰ ਬਚਾਉਣ ਲਈ ਮੇਰੀ
ਮਿਹਨਤ ਲਗੀ ਰਹਿੰਦੀ ਹੈ। ਪਰ ਮਨੁੱਖ ਜੋ ਬੇਨਾਮ ਅਤੇ ਨਿਰਮਲ ਸੀ, ਮੁੜ੍ਹ ਉਹੀ ਕਿਰਦਾਰ ਹਾਸਲ ਨਾ ਕਰ
ਸਕਿਆ।
ਜੇਕਰ ਮੈਂ ਆਪਣਾ ਨਾਮ, ਰੁਤਬਾ, ਇੱਜ਼ਤ ਬਰਕਰਾਰ ਰੱਖਣ ਲਈ ਹਉਂ, ਨਿਜ ਨੂੰ ਨਾ ਬਚਾਵਾਂ ਤਾਂ ਜੋ ਬਚੇਗਾ
ਉਹ ਕੇਵਲ ਰੱਬ ਦਾ ਬੰਦਾ (ਮਨੁੱਖ) ਹੀ ਕਹਿਲਾਵੇਗਾ। ਇਸਦਾ ਮਤਲਬ ਇਹ ਕਿ ਜੇ ਮੈਂ ਆਪਣੇ ਕਿਰਦਾਰ ਦਾ ਬੁਰਕਾ, ਕਪੜਾ ਉਤਾਰ ਕੇ ਸਤਿਗੁਰ ਅੱਗੇ ਰੱਖ
ਦੇਵਾਂ ਤਾਂ ਮੇਰਾ ਵਜੂਦ ਮਨੁੱਖ ਵਾਲਾ ਹੋਵੇਗਾ। ਕੇਵਲ ਰੱਬ, ਸਤਿਗੁਰ ਦਾ ਦਾਸ, ਜਨ,
ਸੇਵਕ, ਬੰਦਾ ਰਹਿ ਜਾਵੇਗਾ।
ਜਿਵੇਂ ਰੱਬ ਸਾਰੀਆਂ ਜੂਨਾਂ ਨੂੰ ਰਿਜ਼ਕ ਦੇਂਦਾ ਹੈ ਉਂਝ
ਹੀ ਮੈਨੂੰ ਵੀ ‘ਸਤਿਗੁਰ ਦੀ ਮਤ’
ਦਾ ਸੱਚੇ ਭੋਜਨ ਦਾ ਰਿਜ਼ਕ ਹਰ ਵੇਲੇ ਮਿਲਦਾ ਹੈ। ਆਪਣੇ ਕਿਰਦਾਰ ਦਾ ਬਣਾਇਆ ਮੁਖੌਟਾ ਉਤਾਰਨ `ਤੇ ਮੈਂ ਆਪ ਵੀ ਉਸ ਰਿਜ਼ਕ ਨੂੰ ਮਾਣਨ
ਯੋਗ ਹੋ ਜਾਂਦਾ ਹਾਂ। ਫਿਰ ਤਾਂ ਮੈਂ 84 ਲੱਖ ਜੂਨਾਂ (ਕਈ ਕਰੋੜ ਜੂਨਾਂ ਵਾਲੇ ਸੁਭਾ)
ਦੀ ਮੰਦੀ ਸੋਚ ਵਾਲੇ ਕਿਰਦਾਰ (ਸੁਭਾ) ਤੋਂ ਛੁੱਟ ਜਾਵਾਂਗਾ। ਕੇਵਲ ਉਨ੍ਹਾਂ ਦੇ ਚੰਗੇ ਗੁਣਾਂ ਦਾ ਸੁਭਾ ਮੇਰੇ ’ਚ ਰਹਿ ਜਾਵੇਗਾ ਕਿਉਂਕਿ ਆਪਣੇ ਹਉਂ
ਵਾਲੇ ਕਿਰਦਾਰ ਦੇ ਦਿਖਾਵੇ ਲਈ ਮੈਂ ਉਨ੍ਹਾਂ ਜੂਨਾਂ ਦੇ ਗਲਤ ਸੁਭਾ ਅਪਣਾਉਂਦਾ ਸੀ। ਹੁਣ ਉਹ ਸੁਭਾ ਛੱਡਣ ਨਾਲ ਮੇਰੀ ਸ਼ਖ਼ਸੀਅਤ ’ਚ ਕੇਵਲ ਮਨੁੱਖਤਾ ਦਾ ਰੰਗ ਰਹਿ
ਗਿਆ। ਜਿਸ ਨੂੰ ਕੋਈ ਨਾਮ ਜਾਂ ਵਜੂਦ ਦੇਣ ਦੀ ਲੋੜ੍ਹ ਹੀ ਨਹੀਂ ਰਹੀ। ਸਭ ਰੁਤਬੇ ਮੁੱਕ ਗਏ। ਨਾ ਮੈ ਇੰਜੀਨਿਅਰ ਰਿਹਾ, ਨਾ ਮੈਂ ਪੈਸੇ ਜਾਇਦਾਦ ਦੇ ਹੰਕਾਰ
ਵਾਲਾ ਰਿਹਾ, ਨਾ ਮੈਂ ਕੋਈ ਧਰਮੀ ਗਿਆਨੀ ਦੀ ਮਤ ਵਾਲਾ ਗਿਆਨਵਾਨ ਅਖਵਾਉਣ
ਵਾਲਾ ਰਿਹਾ। ਕੇਵਲ ‘ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ’ ਵਾਲੀ ਜੀਵਨੀ ਦੀ ਸੰਭਾਵਨਾ
ਰਹਿ ਗਈ। ‘ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥’ ਰਹਿ ਗਿਆ। ਕੋਈ ਵੀ ਥੋਪਿਆ ਹੋਇਆ ਨਾਮ, ਰੁਤਬਾ, ਸ਼ੋਹਰਤ ਆਦਿ ਰਿਹਾ ਹੀ ਨਹੀਂ। ਹੁਣ ਮੇਰਾ, ਮੇਰੀ, ਮੈਂ ਕੁਝ ਵੀ ਪਕੜ ’ਚ ਨਹੀਂ ਹੈ। ਹੁਣ ਉਸੀ ਬੱਚੇ ਵਾਲੀ ਅਵਸਥਾ ਰਹਿ ਗਈ ਜਿਸ ਬੱਚੇ ਦਾ
ਨਾਮ ਮਾਂਪਿਆਂ ਨੇ ਹੁਣੇ ਰਖਿਆ ਹੀ ਨਹੀਂ। ਕੇਵਲ ਬੇਨਾਮ ਬੱਚਾ, ਨਿਰਮਲ, ਸਾਫ਼ ਮਨ, ਬਾਲਬੁਧਿ ਹਾਂ।
ਇਸਦਾ ਮਤਲਬ ਇਹ ਬਾਲਬੁਧਿ ਵਾਲਾ ਤਨ-ਮਨ ਪ੍ਰਾਪਤ ਕਰਨ ਲਈ ਮੈਨੂੰ ਆਪਣਾ
ਸਿਰ (ਅਹੰਕਾਰ ਨਾਲ ਭਰਿਆ) ਉਤਾਰ ਕੇ ਰੱਖਣਾ ਪਵੇਗਾ। ਸਤਿਗੁਰ ਦੀ ਮਤ ਅੱਗੇ ਜੇ ਮੈਂ ਆਪਣਾ ਸਾਰਾ ਨਾਮ, ਰੁਤਬਾ, ਧਨ, ਸਰੀਰ ਰੱਖ ਦੇਵਾਂ (ਜੋ ਕਿ ਹਉ,
ਨਿਜ ਸੀ) ਤਾਂ ਮੈਨੂੰ ਇਹ ਬਾਲਬੁਧਿ ਵਾਲਾ ਬੇਨਾਮ,
ਨਿਰਮਲ ਤਨ-ਮਨ ਪ੍ਰਾਪਤ ਹੋ ਸਕਦਾ ਹੈ। ਇਸ ’ਚ ਮੇਰਾ ਸਮਾਜਕ ਰੁਤਬਾ ਕੋਈ ਨਹੀਂ ਰਿਹਾ। ਮਾਨ ਅਪਮਾਨ ਦੀ, ਉਸਤੱਤ ਨਿੰਦਾ ਦੀ ਗੁੰਜਾਇਸ਼ ਬਚੀ
ਹੀ ਨਹੀਂ। ਹੁਣ ਕੇਵਲ ਸਾਫ਼ ਮਨ ਰੱਬ ਜੀ ਦੀ ਅੰਸ਼ ਹੈ। ਹੁਣ ਕੇਵਲ ਖੁਦਾ ਦਾ ਬੰਦਾ ਬਚਿਆ ਜਿਸਦਾ ਕੋਈ ਨਾਮ ਨਹੀਂ
ਹੈ।
ਕਹੁ ਕਬੀਰ ਇਹੁ ਰਾਮ ਕੀ ਅੰਸੁ ॥
(ਗੁਰੂ ਗ੍ਰੰਥ ਸਾਹਿਬ, ਪੰਨਾ
871)
ਪਾਇਓ ਬਾਲ ਬੁਧਿ ਸੁਖੁ ਰੇ ॥
(ਗੁਰੂ ਗ੍ਰੰਥ ਸਾਹਿਬ, ਪੰਨਾ
214)
ਮਤਲਬ ਸਾਫ਼ ਹੈ ਕਿ ਬੇਨਾਮ ਸਾਫ਼ ਮਨ (ਬਾਲਬੁਧਿ) ਵਾਲੀ ਅਵਸਥਾ ਪ੍ਰਾਪਤ ਕਰਨ ਲਈ ਮੈਨੂੰ ਮੇਰੀ ਸ਼ਖ਼ਸੀਅਤ (ਕਿਰਦਾਰ)
’ਚੋਂ ਸਾਰੇ 84 ਲੱਖਾਂ ਜੂਨਾ ਵਾਲੇ ਸੁਭਾ (ਕਈ ਕਰੋੜ ਜੂਨਾਂ ਵਾਲੇ ਸੁਭਾ) ਛਡਣੇ ਹਨ। ਹਉਮੈ ਭਰਪੂਰ ਸੋਚ ਅਤੇ ਖਿਆਲਾਂ ਦਾ ਸਿਰ ਕੱਟ ਕੇ ਰੱਖਣਾ
ਪਿਆ। ਉਨ੍ਹਾਂ ਸਭਨਾ ਵੱਲੋਂ ਜਿਊਂਦੇ ਜੀਅ ਮਰਨਾ ਪਿਆ। ਇਸਦੇ ਸਦਕੇ ਇੱਕ ਨਵੀਂ ਜੀਵਨੀ ਪ੍ਰਾਪਤ ਹੋਈ। ਇਹੋ ਜਾਗਨਾ ਹੈ ‘ਜੀਵਤਿਆ ਮਰੀਐ’ ਨਵਾਂ ਜਨਮ ਹੈ। ਜੋ ਥੋਪਿਆ ਕਿਰਦਾਰ ਵਾਲਾ ਨਾਮ, ਰੁਤਬਾ ਸੀ ਉਸ ’ਚ ਸਰੀਰਕ ਮੌਤ
ਦਾ ਡਰ ਸੀ ਪਰ ‘ਜੀਵਤਿਆਂ ਮਰ ਰਹੀਏ’ ’ਚ ਮੈਂ ਆਪਣੀ
ਮਰਜ਼ੀ ਨਾਲ, ਇਸ ਰੁਤਬੇ ਤੋਂ ਮਰ ਜਾਣ ਵਾਲੀ ਮੌਤ ਨੂੰ ਪਸੰਦ ਕੀਤਾ ਹੈ ਅਤੇ
ਮਰ ਕੇ `ਸਦ ਜੀਵਨ` ਪ੍ਰਾਪਤ ਕੀਤਾ ਹੈ।
ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ
ਫਿਰਿ ਮਰਣੁ ਨ ਹੋਈ ॥
(ਗੁਰੂ ਗ੍ਰੰਥ ਸਾਹਿਬ, ਪੰਨਾ
604)
‘ਜੀਵਹੁ ਸਦ ਹੀ’ ਇਸੇ ਸਿਰ
(ਮੈਂ - ਮੇਰੀ ਵਾਲੀ ਕੁਮਤ) ਨੂੰ
ਕੱਟ ਕੇ ਰੱਖ ਦੇਣ ਵਾਲੀ ਜੀਵਨੀ ਦੀ ਅਵਸਥਾ ਹੈ। ਮੈਂ ਮੇਰੀ (ਨਾਮ ਅਤੇ ਪ੍ਰਸਿੱਧੀ) ਦੀ ਮੌਤ
ਮੈਂ ਆਪ ਪਸੰਦ ਕੀਤੀ ਅਤੇ ਨਵਾਂ ਜੀਵਨ ਮਿਲਿਆ ਹੈ। ਇਹੀ ਤਾਂ ਮੰਗ ਸੀ, ਜਿਸਨੂੰ ਪ੍ਰਾਪਤ ਕਰਨ ਲਈ ਕਮਾਇਆ
ਸੁਭਾ ਵੀ ਮੇਰੀ ਆਪਣੀ ਪਸੰਦ ਹੈ।
ਜਦੋਂ ਅਸੀਂ ਥੋਪੇ ਗਏ ਨਾਮ, ਤਨ, ਰੁਤਬੇ
ਨੂੰ ਬਚਾਉਣ ਦੇ ਚੱਕਰ ’ਚ ਪਲ-ਪਲ ਮਰਦੇ ਹਾਂ ਅਤੇ
ਖੁਆਰੀ ਤੋਂ, ਭਟਕਨਾ ਤੋਂ ਤੰਗ ਆ ਕੇ ਤੋਬਾ ਕਰਦੇ ਹਾਂ। ਜਿਉਂ ਹੀ ਥੋਪੇ ਗਏ ਕਿਰਦਾਰ (ਨਾਮ, ਸੰਸਕਾਰਾਂ) ਤੋਂ ਛੁਟਦੇ ਹਾਂ ਤਾਂ ਜੋ ਨਵਾਂ ਜੀਵਨ (ਦੁਰਲਭ ਦੇਹ) ਮਿਲਦਾ ਹੈ, ਇਹ ਕੇਵਲ
`ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥` ਕਾਰਨ ਹੁੰਦਾ ਹੈ। ਮਾਂਪਿਆਂ ਵੱਲੋਂ ਦਿੱਤਾ ਸਰੀਰ ਅਤੇ ਨਾਮ ਬਦਲ ਗਿਆ ਹੁਣ
ਸਤਿਗੁਰ ਦੇ ਦਿੱਤੇ ਨਾਮ (ਰੱਬੀ ਕਿਰਦਾਰ) ਵਾਲਾ ਨਵਾਂ ਤਨ (ਦੁਰਲਭ
ਦੇਹ) ਪ੍ਰਾਪਤ ਹੋ ਗਿਆ।
ਏਕ ਬੂੰਦ ਗੁਰਿ ਅੰਮ੍ਰਿਤੁ ਦੀਨੋ ਤਾ
ਅਟਲੁ ਅਮਰੁ ਨ ਮੁਆ ॥
(ਗੁਰੂ ਗ੍ਰੰਥ ਸਾਹਿਬ, ਪੰਨਾ
612)
ਇਹੋ ਨਵਾਂ ਜਨਮ ਹੈ। ਇਹ ਹੀ ਪੁਨਰ-ਜਨਮ ਹੈ। ਹੁਣ ਸਰੀਰਕ ਮੌਤ ਦਾ ਡਰ ਚਲਾ ਗਿਆ। ਬਲਕਿ ਰਜ਼ਾ ਅਨੁਸਾਰ ਇਸ ਤਨ (ਕੁਮਤ ਅਤੇ ਵਿਕਾਰੀ ਕਰਤੂਤਾਂ ਵਾਲਾ)
ਦਾ ਬਿਨਸਨਾ ਮਨ ਨੇ ਕਬੂਲ ਕਰ ਲਿਆ। ਸਰੀਰਕ ਮੌਤ ਨੂੰ ਆਪ ਕੋਈ ਨਹੀਂ ਦੇਖ ਸਕਦਾ, ਕੋਈ ਉਸਨੂੰ ਮਾਣ ਨਹੀਂ ਸਕਦਾ ਪਰ
ਥੋਪੇ ਹੋਏ ਰੁਤਬੇ ਨਾਮ ਵਾਲੇ ਤਨ ਦੀ, ਸ਼ਖ਼ਸੀਅਤ ਦੀ ਮੌਤ ਨੂੰ ਜਾਗ ਕੇ ਅਤੇ
ਚੇਤੰਨਤਾ ’ਚ ਆਪ ਮਾਣ ਲਿਆ ਹੈ। ਹੁਣ ਤਨ ਦੇ ਅੰਗਾਂ ਦੀ ਖਾਹਿਸ਼, ਤ੍ਰਿਸ਼ਨਾ ਮੁੱਕ ਗਈ ਅਤੇ ਉਸਤੱਤ-ਨਿੰਦਾ, ਮਾਨ-ਅਪਮਾਨ ਦੀ ਥਾਂ ਨਹੀਂ ਰਹੀ।
ਹੁਣ ਰੱਬੀ ਗੁਣਾਂ ਨੂੰ ਲੈ ਕੇ ਇਹ ਜੰਮਿਆ ਨਵਾਂ ਬਾਲ
ਚੰਗੇ ਗੁਣਾਂ ਵਲੋਂ ਦਿਨੋ-ਦਿਨ ਵੱਡਾ ਹੋਵੇਗਾ। ਜੋ ਕਿ ਮਰਦਾ ਹੀ ਨਹੀਂ। ‘ਚੜੈ ਚਵਗਣ ਵੰਨੁ’, ‘ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ’ ਅਤੇ
‘ਪਾਇਓ ਬਾਲ ਬੁਧਿ ਸੁਖੁ ਰੇ’ ਦੀ ਅਵਸਥਾ ਨੂੰ ਸਦੀਵੀ ਮਾਣੇਗਾ।